Matthew 6 in Punjabi

1 ਯਿਸੂ ਦਾ ਦਾਨ ਕਰਨ ਬਾਰੇ ਉਪਦੇਸ਼ “ਸਾਵੱਧਾਨ ਰਹੋ, ਜਦੋਂ ਤੁਸੀਂ ਚੰਗੇ ਕੰਮ ਕਰੋ, ਲੋਕਾਂ ਦੇ ਸਾਹਮਣੇ ਨਾ ਵਿਖਾਓ ਤਾਂ ਜੋ ਉਹ ਉਸ ਵੱਲ ਧਿਆਨ ਦੇਣ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਤੁਹਾਡੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੁਝ ਫ਼ਲ ਪ੍ਰਾਪਤ ਨਹੀਂ ਕਰੋਗੇ।

2 “ਸੋ ਜਦ ਵੀ ਤੁਸੀਂ ਲੋੜਵੰਦ ਨੂੰ ਦਾਨ ਕਰੋ ਤਾਂ ਆਪਣੇ ਦਾਨ ਦਾ ਐਲਾਨ ਨਾ ਕਰਵਾਓ ਜਿਵੇਂ ਕਪਟੀ ਪ੍ਰਾਰਥਨਾ ਸਥਾਨਾਂ ਅਤੇ ਰਾਹਾਂ ਵਿੱਚ ਕਰਦੇ ਹਨ। ਉਹ ਲੋਕਾਂ ਤੋਂ ਉਸਤਤਿ ਕਰਾਉਣ ਲਈ ਤੁਰ੍ਹੀਆਂ ਵਜਵਾਉਂਦੇ ਹਨ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ, ਉਨ੍ਹਾਂ ਦਾ ਇਹੀ ਫ਼ਲ ਹੈ।

3 ਸੋ ਜਦੋਂ ਤੁਸੀਂ ਗਰੀਬਾਂ ਵਿੱਚ ਦਾਨ ਕਰੋ ਤਾਂ ਗੁਪਤ ਦਾਨ ਕਰੋ। ਕਿਸੇ ਨੂੰ ਪਤਾ ਨਾ ਲੱਗਣ ਦਿਓ ਕਿ ਤੁਸੀਂ ਕੀ ਦੇ ਰਹੇ ਹੋ।

4 ਤੁਹਾਡਾ ਦਾਨ ਗੁਪਤ ਹੋਣਾ ਚਾਹੀਦਾ ਹੈ। ਫ਼ਿਰ ਤੁਹਾਡਾ ਪਿਤਾ, ਜਿਹੜਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਕੀਤਾ ਗਿਆ ਹੈ, ਤੁਹਾਨੂੰ ਫ਼ਲ ਦੇਵੇਗਾ।

5 ਯਿਸੂ ਦਾ ਪ੍ਰਾਰਥਨਾ ਬਾਰੇ ਉਪਦੇਸ਼ “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗ ਨਾ ਕਰੋ ਕਿਉਂਕਿ ਉਹ ਰਾਹਾਂ ਦੇ ਖੂੰਜਿਆਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਖੜ੍ਹੇ ਹੋਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ।

6 ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਕਿ ਗੁਪਤ ਸਥਾਨ ਵਿੱਚ ਹੈ। ਜੋ ਕੰਮ ਗੁਪਤ ਕੀਤੇ ਜਾਂਦੇ ਹਨ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤੁਹਾਨੂੰ ਫ਼ਲ ਦੇਵੇਗਾ।

7 “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਤੁਸੀਂ ਉਨ੍ਹਾਂ ਲੋਕਾਂ ਵਾਂਗ ਨਾ ਕਰੋ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਅਰਥਹੀਣ ਗੱਲਾਂ ਆਖਣੀਆਂ ਜਾਰੀ ਰੱਖਦੇ ਹਨ। ਉਹ ਸੋਚਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਸੁਣੇਗਾ ਕਿਉਂਕਿ ਉਹ ਵੱਧ ਬੋਲਦੇ ਹਨ।

8 ਸੋ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਸ ਵਸਤੂ ਦੀ ਲੋੜ ਹੈ।

9 ਇਸ ਲਈ ਤੁਸੀਂ ਜਦ ਵੀ ਪ੍ਰਾਰਥਨਾ ਕਰੋ ਇਸ ਤਰੀਕੇ ਨਾਲ ਕਰੋ: ‘ਸੁਰਗ ਵਿੱਚ, ਸਾਡੇ ਪਿਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਨਾਂ ਪਵਿੱਤਰ ਮੰਨਿਆ ਜਾਵੇ।

10 ਤੇਰਾ ਰਾਜ ਆਵੇ, ਤੇਰੀ ਮਰਜ਼ੀ, ਜਿਹੜੀ ਸਵਰਗ ਵਿੱਚ ਪੂਰਨ ਹੈ, ਧਰਤੀ ਤੇ ਵੀ ਪੂਰਨ ਹੋਵੇ।

11 ਅੱਜ ਸਾਨੂੰ ਭੋਜਣ ਦਿਓ ਜੋ ਸਾਨੂੰ ਹਰ-ਰੋਜ਼ ਚਾਹੀਦਾ ਹੈ।

12 ਅਤੇ ਤੁਸੀਂ ਸਾਡੇ ਪਾਪ ਮਾਫ਼ ਕਰ ਦਿਓ ਜਿਵੇਂ ਅਸੀਂ ਵੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਸਾਡਾ ਬੁਰਾ ਕੀਤਾ।

13 ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ, ਸਗੋਂ ਦੁਸ਼ਟ ਤੋਂ ਬਚਾਵੋ।’

14 ਕਿਉਂਕਿ ਜੇਕਰ ਤੁਸੀਂ ਦੂਸਰੇ ਲੋਕਾਂ ਦੀਆਂ ਗ਼ਲਤੀਆਂ ਮਾਫ ਕਰ ਦੇਵੋਂਗੇ, ਤਾਂ ਸੁਰਗ ਵਿੱਚ ਤੁਹਾਡਾ ਸੁਰਗੀ ਪਿਤਾ ਵੀ ਤੁਹਾਡੀਆਂ ਗ਼ਲਤੀਆਂ ਨੂੰ ਮਾਫ਼ ਕਰ ਦੇਵੇਗਾ।

15 ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਦੀਆਂ ਗਲਤੀਆਂ ਮਾਫ਼ ਨਹੀਂ ਕਰੋਂਗੇ, ਤਾਂ ਸੁਰਗ ਵਿੱਚ ਤੁਹਾਡਾ ਪਿਤਾ ਵੀ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ।

16 ਯਿਸੂ ਦਾ ਵਰਤ ਬਾਰੇ ਉਪਦੇਸ਼ “ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗ ਮੂੰਹ ਉਦਾਸ ਨਾ ਬਣਾਓ। ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਜੋ ਉਹ ਲੋਕਾਂ ਨੂੰ ਵਰਤ ਰੱਖਣ ਵਾਲੇ ਲੱਗਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਫ਼ਲ ਪਾ ਚੁੱਕੇ ਹਨ।

17 ਪਰ ਜਦੋਂ ਤੁਸੀਂ ਵਰਤ ਰੱਖੋਂ ਤਾਂ ਆਪਣੇ ਵਾਲਾਂ ਨੂੰ ਤੇਲ ਲਾਓ ਅਤੇ ਆਪਣਾ ਮੂੰਹ ਧੋਵੋ।

18 ਤਾਂ ਜੋ ਤੁਸੀਂ ਲੋਕਾਂ ਨੂੰ ਨਹੀਂ ਦਿਖਾ ਰਹੇ ਹੋਵੋਂਗੇ ਕਿ ਤੁਸੀਂ ਵਰਤ ਰੱਖ ਰਹੇ ਹੋ, ਪਰ ਸਿਰਫ਼ ਆਪਣੇ ਪਿਤਾ ਨੂੰ ਦਿਖਾਓ ਜਿਹੜਾ ਕਿ ਗੁਪਤ ਵਿੱਚ ਹੈ। ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਕੀਤੇ ਨੂੰ ਵੇਖਦਾ ਹੈ ਤੁਹਾਨੂੰ ਫਲ ਦੇਵੇਗਾ।

19 ਦੌਲਤ ਨਾਲੋਂ ਪਰਮੇਸ਼ੁਰ ਵੱਧੇਰੇ ਮਹੱਤਵਪੂਰਣ ਹੈ “ਧਰਤੀ ਉੱਤੇ ਖਜ਼ਾਨੇ ਦਾ ਭੰਡਾਰ ਨਾ ਜੋੜੋ। ਇੱਥੇ ਕੀੜੇ ਅਤੇ ਜੰਗ਼ਾਲ ਧਨ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਚੋਰ ਸੰਨ੍ਹ ਮਾਰਕੇ ਤੁਹਾਡੀ ਦੌਲਤ ਚੁਰਾ ਲੈ ਜਾਂਦੇ ਹਨ।

20 ਪਰ ਸਵਰਗ ਵਿੱਚ ਖਜ਼ਾਨੇ ਜੋੜੋ। ਸਵਰਗ ਵਿੱਚ ਨਾ ਕੋਈ ਕੀੜਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰਦੇ ਹਨ ਅਤੇ ਚੁਰਾਉਂਦੇ ਹਨ।

21 ਕਿਉਂਕਿ ਜਿੱਥੇ ਤੁਹਾਡਾ ਖਜ਼ਾਨਾ ਹੋਵੇਗਾ ਤੁਹਾਡਾ ਦਿਲ ਵੀ ਉੱਥੇ ਹੀ ਹੋਵੇਗਾ।

22 “ਸ਼ਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੈ ਤਾਂ ਤੁਹਾਡਾ ਸਾਰਾ ਸ਼ਰੀਰ ਚਾਨਣ ਨਾਲ ਭਰਪੂਰ ਹੋਵੇਗਾ।

23 ਪਰ ਜੇਕਰ ਤੁਹਾਡੀ ਅੱਖ ਮੈਲੀ ਹੈ, ਤਾਂ ਤੁਹਾਡਾ ਸਾਰਾ ਸ਼ਰੀਰ ਹਨੇਰੇ ਨਾਲ ਭਰਪੂਰ ਹੋਵੇਗਾ। ਸੋ ਜੇਕਰ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਹੈ ਤਾਂ ਫ਼ਿਰ ਉਹ ਹਨੇਰਾ ਕਿੰਨਾ ਹੋਵੇਗਾ।

24 “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸੱਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ ਭੁੱਲ ਜਾਵੇਗਾ। ਇਸ ਲਈ ਤੁਸੀਂ ਪਰਮੇਸ਼ੁਰ ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸੱਕਦੇ।

25 ਪਰਮੇਸ਼ੁਰ ਦੇ ਰਾਜ ਨੂੰ ਪਹਿਲ “ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ, ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤੁਸੀਂ ਇਸਦੀ ਚਿੰਤਾ ਕਰੋ ਕਿ ਤੁਹਾਨੂੰ ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ?

26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪ੍ਰਿਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ।

27 ਜੇ ਤੁਸੀਂ ਚਿੰਤਾ ਕਰਦੇ ਰਹੋਂਗੇ ਤਾਂ, ਤੁਸੀਂ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸੱਕਦੇ।

28 “ਤੁਸੀਂ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤੁਸੀਂ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉੱਥੇ ਵੱਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ।

29 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸੁਲੇਮਾਨ ਵੀ, ਇਨ੍ਹਾਂ ਵਿੱਚੋਂ ਇੱਕ ਫ਼ੁੱਲ ਜਿੰਨਾ ਵੀ ਨਹੀਂ ਸਜਿਆ ਹੋਇਆ ਸੀ।

30 ਪਰਮੇਸ਼ੁਰ ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ ਭਲਕੇ ਅੱਗ ਵਿੱਚ ਝੋਕਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ ਭਲਾ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧ ਨਹੀਂ ਪਹਿਨਾਵੇਗਾ?

31 “ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’

32 ਉਹ ਲੋਕ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ।

33 ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ।

34 ਸੋ ਤੁਸੀਂ ਭਲਕੇ ਦੇ ਲਈ ਚਿੰਤਾ ਨਾ ਕਰੋ। ਇਹ ਆਪਣੇ ਬਾਰੇ ਆਪੇ ਹੀ ਚਿੰਤਾ ਕਰੇਗਾ, ਅੱਜ ਦੇ ਲਈ ਅੱਜ ਦਾ ਦੁੱਖ ਹੀ ਬਥੇਰਾ ਹੈ।

Matthew 6 Verses

Punjabi Bible