Job 41 in Punjabi
1 “ਅੱਯੂਬ, ਕੀ ਤੂੰ ਲਿਵਯਾਬਾਨ ਨੂੰ ਮੱਛੀ ਵਾਲੇ ਕੰਡੇ ਨਾਲ ਫ਼ੜ ਸੱਕਦਾ ਹੈਂ? ਕੀ ਤੂੰ ਰੱਸੇ ਨਾਲ ਉਸ ਦੀ ਜ਼ਬਾਨ ਬੰਨ੍ਹ ਸੱਕਦਾ ਹੈਂ?
2 ਕੀ ਤੂੰ ਉਸ ਦੇ ਨਕੇਲ ਜਾਂ ਉਸ ਦੇ ਜਬਾੜੇ ਅੰਦਰ ਹੁੱਕ ਪਾ ਸੱਕਦਾ ਹੈਂ।
3 ਕੀ ਲਿਵਯਾਬਾਨ ਤੇਰੇ ਅੱਗੇ ਬੇਨਤੀ ਕਰੇਗਾ ਕਿ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ? ਕੀ ਉਹ ਤੇਰੇ ਨਾਲ ਕੋਮਲ ਸ਼ਬਦਾਂ ਵਿੱਚ ਗੱਲ ਕਰੇਗਾ?
4 ਕੀ ਲਿਵਯਾਬਾਨ ਤੇਰੇ ਨਾਲ ਇੱਕਰਾਨਾਮਾ ਰੱਖੇਗਾ ਤੇ ਸਦਾ ਲਈ ਤੇਰੀ ਸੇਵਾ ਕਰੇਗਾ?
5 ਕੀ ਤੂੰ ਲਿਵਯਾਬਾਨ ਨਾਲ ਖੇਡੇਂਗਾ ਜਿਵੇਂ ਤੂੰ ਕਿਸੇ ਪੰਛੀ ਨਾਲ ਖੇਡਦਾ ਹੈਂ? ਕੀ ਤੂੰ ਉਸ ਦੇ ਉੱਤੇ ਰੱਸਾ ਪਾ ਲਵੇਂਗਾ ਤਾਂ ਜੋ ਤੇਰੀਆਂ ਦਾਸੀਆਂ ਉਸ ਦੇ ਨਾਲ ਖੇਡ ਸੱਕਣ।
6 ਕੀ ਮਛੇਰੇ ਲਿਵਯਾਬਾਨ ਨੂੰ ਤੈਥੋਂ ਖਰੀਦਣ ਦੀ ਕੋਸ਼ਿਸ਼ ਕਰਨਗੇ? ਕੀ ਉਹ ਉਸ ਦੇ ਟੁਕੜੇ ਕਰ ਦੇਣਗੇ ਤੇ ਉਨ੍ਹਾਂ ਨੂੰ ਵਪਾਰੀਆਂ ਨੂੰ ਵੇਚ ਦੇਣਗੇ।
7 ਕੀ ਤੂੰ ਲਿਵਯਾਬਾਨ ਦੀ ਚਮੜੀ ਅੰਦਰ ਜਾਂ ਉਸ ਦੇ ਸਿਰ ਅੰਦਰ ਨੇਜੇ ਮਾਰ ਸੱਕਦਾ ਹੈਂ।
8 “ਅੱਯੂਬ, ਜੇ ਤੂੰ ਕਦੇ ਆਪਣਾ ਹੱਥ ਲਿਵਯਾਬਾਨ ਉੱਤੇ ਧਰਿਆ, ਤੂੰ ਫੇਰ ਕਦੇ ਅਜਿਹਾ ਕਰਨ ਦੇ ਯੋਗ ਨਹੀਂ ਹੋਵੇਂਗਾ। ਜ਼ਰਾ ਉਸ ਜੰਗ ਬਾਰੇ ਸੋਚ, ਜਿਹੜੀ ਹੋਵੇਗੀ।
9 ਤੇਰਾ ਕੀ ਖਿਆਲ ਹੈ ਕਿ ਤੂੰ ਲਿਵਯਾਬਾਨ ਨੂੰ ਹਰਾ ਸੱਕਦਾ ਹੈਂ। ਛੱਡ, ਇਸ ਨੂੰ ਭੁੱਲ ਜਾ। ਕੋਈ ਉਮੀਦ ਨਹੀਂ। ਸਿਰਫ਼ ਦੇਖ ਕੇ ਹੀ ਤੂੰ ਉਸ ਤੋਂ ਡਰ ਜਾਵੇਂਗਾ।
10 ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਉਸ ਨੂੰ ਜਗਾ ਸੱਕੇ ਤੇ ਗੁੱਸੇ ਵਿੱਚ ਲਿਆ ਸੱਕੇ। ਅੱਛਾ, ਕੀ ਕੋਈ ਵਿਅਕਤੀ ਮੇਰੇ ਖਿਲਾਫ਼ ਖੜ੍ਹਾ ਹੋ ਸੱਕਦਾ ਹੈ!
11 ਮੈਂ, ਪਰਮੇਸ਼ੁਰ ਕਿਸੇ ਦਾ ਵੀ ਕੁਝ ਦੇਣਦਾਰ ਨਹੀਂ। ਅਕਾਸ਼ ਹੇਠਲੀ ਹਰ ਸ਼ੈਅ ਮੇਰੀ ਹੈ।
12 “ਅੱਯੂਬ, ਮੈਂ ਤੈਨੂੰ ਲਿਵਯਾਬਾਨ ਦੀਆਂ ਲੱਤਾਂ ਬਾਰੇ, ਅਤੇ ਉਸਦੀ ਤਾਕਤ ਅਤੇ ਸੁਹੱਪਣ ਬਾਰੇ ਦੱਸਾਂਗਾ।
13 ਕੋਈ ਵੀ ਬੰਦਾ ਉਸਦੀ ਚਮੜੀ ਨੂੰ ਨਹੀਂ ਚੀਰ ਸੱਕਦਾ। ਉਸਦੀ ਚਮੜੀ ਕਵਚ ਵਰਗੀ ਹੈ।
14 ਕੋਈ ਬੰਦਾ ਜ਼ੋਰੀ ਉਸ ਦੇ ਜਬਾੜੇ ਨਹੀਂ ਖੁਲ੍ਹਵਾ ਸੱਕਦਾ। ਉਸ ਦੇ ਮੂੰਹ ਵਿੱਚਲੇ ਦੰਦ ਲੋਕਾਂ ਨੂੰ ਭੈਭੀਤ ਕਰਦੇ ਨੇ।
15 ਲਿਵਯਾਬਾਨ ਦੀ ਪਿੱਠ ਉੱਤੇ, ਪੱਕੀ ਤਰ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਢਾਲਾਂ ਦੀਆਂ ਕਤਾਰਾਂ ਹਨ।
16 ਇਹ ਢਾਲਾਂ ਇੱਕ ਦੂਸਰੇ ਦੇ ਇੰਨੀਆਂ ਨੇੜੇ-ਨੇੜੇ ਹਨ ਕਿ ਇਨ੍ਹਾਂ ਦੇ ਵਿੱਚਾਲਿਉਂ ਹਵਾ ਵੀ ਨਹੀਂ ਲੰਘ ਸੱਕਦੀ।
17 ਢਾਲਾਂ ਇੱਕ ਦੂਜੀ ਨਾਲ ਜੁੜੀਆਂ ਹੋਇਆਂ ਹਨ। ਉਹ ਇੱਕ ਦੂਜੀ ਨਾਲ ਇਸ ਤਰ੍ਹਾਂ ਜੁੜੀਆਂ ਹਨ ਕਿ ਖਿੱਚਕੇ ਵੱਖ ਨਹੀਂ ਕੀਤੀਆਂ ਜਾ ਸੱਕਦੀਆਂ।
18 ਜਦੋਂ ਲਿਵਯਾਬਾਨ ਛਿੱਕਾਂ ਮਾਰਦਾ ਹੈ, ਜਿਵੇਂ ਬਿਜਲੀ ਜਿਹੀ ਚਮਕਦੀ ਹੈ। ਉਸ ਦੀਆਂ ਅੱਖਾਂ ਸਵੇਰ ਦੀ ਲੋਅ ਵਾਂਗ ਚਮਕਦੀਆਂ ਨੇ।
19 ਉਸ ਦੇ ਮੂੰਹ ਵਿੱਚੋਂ ਬਲਦੀਆਂ ਹੋਈਆਂ ਮਸ਼ਾਲਾਂ ਨਿਕਲਦੀਆਂ ਨੇ, ਅੱਗ ਦੇ ਚੰਗਿਆੜੇ ਬਾਹਰ ਨਿਕਲਦੇ ਨੇ।
20 ਲਿਵਯਾਬਾਨ ਦੇ ਨੱਕ ਵਿੱਚੋਂ ਧੂੰਆਂ ਨਿਕਲਦਾ ਹੈ, ਜਿਵੇਂ ਉਬਲਦੇ ਪਤੀਲੇ ਹੇਠਾਂ ਕਾਹੀ ਬਲ ਰਹੀ ਹੋਵੇ।
21 ਲਿਵਯਾਬਾਨ ਦਾ ਸਾਹ ਕੋਲਿਆਂ ਨੂੰ ਵੀ ਸਾੜ ਦਿੰਦਾ ਹੈ ਅਤੇ ਉਸ ਦੇ ਮੂੰਹ ਵਿੱਚੋਂ ਲਾਟਾਂ ਨਿਕਲਦੀਆਂ ਨੇ।
22 ਲਿਵਯਾਬਾਨ ਦੀ ਗਰਦਨ ਬਹੁਤ ਤਾਕਤਵਰ ਹੁੰਦੀ ਹੈ, ਲੋਕ ਡਰਦੇ ਨੇ ਤੇ ਉਸ ਕੋਲੋਂ ਦੂਰ ਭੱਜਦੇ ਨੇ।
23 ਉਸਦੀ ਚਮੜੀ ਤੇ ਕੋਈ ਵੀ ਨਰਮ ਥਾਂ ਨਹੀਂ। ਇਹ ਲੋਹੇ ਵਾਂਗ ਸਖਤ ਹੁੰਦੀ ਹੈ।
24 ਲਿਵਯਾਬਾਨ ਦਾ ਦਿਲ ਪੱਥਰ ਵਰਗਾ ਹੈ, ਉਸ ਨੂੰ ਕੋਈ ਭੈ ਨਹੀਂ ਇਹ ਚੱਕੀ ਦੇ ਹੇਠਲੇ ਪੁੜ ਵਰਗਾ ਸਖਤ ਹੁੰਦਾ ਹੈ।
25 ਜਦੋਂ ਲਿਵਯਾਬਾਨ ਉੱਠਦਾ ਹੈ ਤਾਕਤਵਰ ਲੋਕ ਵੀ ਭੈਭੀਤ ਹੋ ਜਾਂਦੇ ਨੇ। ਉਹ ਦੂਰ ਭੱਜ ਜਾਂਦੇ ਨੇ ਜਦੋਂ ਲਿਵਯਾਬਾਨ ਆਪਣੀ ਪੂਛ ਹਿਲਾਉਂਦਾ ਹੈ।
26 ਤਲਵਾਰਾਂ, ਨੇਜ਼ੇ ਅਤੇ ਤੀਰ ਲਿਵਯਾਬਾਨ ਨੂੰ ਲਗਦੇ ਨੇ, ਪਰ ਉਹ ਬੁੜਕ ਜਾਂਦੇ ਹਨ। ਇਹ ਹਬਿਆਰ ਉਸ ਨੂੰ ਜ਼ਰਾ ਵੀ ਜ਼ਖਮੀ ਨਹੀਂ ਕਰਦੇ।
27 ਲਿਵਯਾਬਾਨ ਲੋਹੇ ਨੂੰ ਤਿਨਕੇ ਜਿੰਨੀ ਅਸਾਨੀ ਨਾਲ ਤੋੜ ਦਿੰਦਾ ਹੈ। ਉਹ ਕਾਂਸੀ ਨੂੰ ਗਲੀ ਹੋਈ ਲੱਕੜ ਵਾਂਗ ਤੋੜ ਦਿੰਦਾ ਹੈ।
28 ਤੀਰ ਲਿਵਯਾਬਾਨ ਨੂੰ ਨਹੀਂ ਭਜਾਉਂਦਾ। ਪੱਥਰ ਉਸ ਉੱਤੋਂ ਬੁੜਕ ਜਾਂਦੇ ਨੇ, ਜਿਵੇਂ ਤਿਨਕੇ ਹੋਣ।
29 ਜਦੋਂ ਲਿਵਯਾਬਾਨ ਉੱਤੇ ਲੱਕੜ ਦਾ ਗਦਾ ਵੱਜਦਾ ਹੈ, ਇਹ ਉਸ ਨੂੰ ਤਿਣਕੇ ਵਾਂਗ ਲੱਗਦਾ ਹੈ। ਉਹ ਹੱਸਦਾ ਹੈ ਜਦੋਂ ਲੋਕ ਉਸ ਉੱਤੇ ਨੇਜ਼ੇ ਸੁੱਟਦੇ ਨੇ।
30 ਲਿਵਯਾਬਾਨ ਦੇ ਢਿੱਡ ਉਤਲੀ ਚਮੜੀ ਮਿੱਟੀ ਦੇ ਟੁੱਟਿਆਂ ਭਾਂਡਿਆਂ ਵਾਂਗ ਹੈ। ਉਹ ਗਾਰੇ ਉੱਤੇ ਛੜਨ ਵਾਲੇ ਫ਼ੱਟੇ ਵਾਂਗ ਨਿਸ਼ਾਨ ਛੱਡਦਾ ਹੈ।
31 ਲਿਵਯਾਬਾਨ ਪਾਣੀ ਨੂੰ ਉਬਲਦੇ ਭਾਂਡੇ ਵਾਂਗ ਹਿਲਾ ਦਿੰਦਾ ਹੈ। ਉਹ ਇਸ ਨੂੰ ਬੁਲਬੁਲੇ ਛੱਡਦੇ, ਉਬਲਦੇ ਤੇਲ ਤੇ ਭਾਂਡੇ ਵਾਂਗ ਬਟਾ ਦਿੰਦਾ ਹੈ।
32 ਲਿਵਯਾਬਾਨ ਜਦੋਂ ਤੈਰਦਾ ਹੈ, ਉਹ ਆਪਣੇ ਪਿੱਛੇ ਰਾਹ ਛੱਡਦਾ ਜਾਂਦਾ ਹੈ। ਉਹ ਪਾਣੀ ਵਿੱਚ ਹਲਚਲ ਮਚਾਉਂਦਾ ਹੈ, ਤੇ ਪਿੱਛੇ ਸਫ਼ੇਦ ਝੱਗ ਛੱਡ ਜਾਂਦਾ ਹੈ।
33 ਧਰਤੀ ਦਾ ਕੋਈ ਜਾਨਵਰ ਲਿਵਯਾਬਾਨ ਵਰਗਾ ਨਹੀਂ। ਉਹ ਅਜਿਹਾ ਜਾਨਵਰ ਹੈ ਜਿਸ ਨੂੰ ਨਿਡਰ ਬਣਾਇਆ ਗਿਆ।
34 ਲਿਵਯਾਬਾਨ ਹੇਠਾਂ ਸਾਰੇ ਹਂਕਾਰੀ ਜਾਨਵਰਾਂ ਉੱਤੇ ਵੇਖਦਾ ਹੈ। ਉਹ ਸਾਰੇ ਜੰਗਲੀ ਜਾਨਵਰਾਂ ਦਾ ਰਾਜਾ ਹੈ।”
Job 41 Verses
Punjabi Bible